ਨੋਇਡਾ : ਥਾਣਾ ਐਕਸਪ੍ਰੈਸਵੇ ਇਲਾਕੇ ਦੇ ਸੈਕਟਰ 126 ਤੋਂ ਲਾਪਤਾ ਕਸ਼ਮੀਰੀ ਵਿਦਿਆਰਥੀ ਪਾਕਿਸਤਾਨ ਦੀ ਜੇਲ ਵਿਚ ਬੰਦ ਹੈ। ਇਸ ਦੀ ਸੂਚਨਾ ਵਿਦਿਆਰਥੀ ਦੇ ਪਿਤਾ ਨੇ ਦੋ ਦਿਨ ਪਹਿਲਾਂ ਨੋਇਡਾ ਪੁਲਿਸ ਨੂੰ ਦਿਤੀ ਹੈ।
ਥਾਣਾ ਐਕਸਪ੍ਰੈਸਵੇ ਦੇ ਮੁਖੀ ਹੰਸਰਾਜ ਭਦੌਰਿਆ ਨੇ ਦਸਿਆ ਕਿ 13 ਦਸੰਬਰ ਨੂੰ ਸੈਕਟਰ 125 ਸਥਿਤ ਇਕ ਵਿਦਿਅਕ ਅਦਾਰੇ 'ਚ ਪੜ੍ਹਨ ਵਾਲੇ ਕਸ਼ਮੀਰੀ ਵਿਦਿਆਰਥੀ ਸੈਈਅਦ ਬਾਸਿਤ ਹਸਨ (24) 13 ਦਸੰਬਰ, 2018 ਨੂੰ ਸੈਕਟਰ 126 ਸਥਿਤ ਅਪਣੀ ਪੀਜੀ ਤੋਂ ਲਾਪਤਾ ਹੋ ਗਿਆ ਸੀ। ਉਨ੍ਹਾਂ ਦਸਿਆ ਕਿ ਇਸ ਮਾਮਲੇ ਵਿਚ ਵਿਦਿਆਰਥੀ ਦੇ ਪਿਤਾ ਨਸੀਰੂਲ ਹਸਨ, ਵਾਸੀ ਬੰਦੀਪੋਰਾ ਨੇ ਥਾਣਾਂ ਐਕਸਪ੍ਰੈਸਵੇ 'ਚ ਉਸ ਦੀ ਘੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਥਾਣਾ ਮੁਖੀ ਨੇ ਦਸਿਆ ਕਿ ਦੋ ਦਿਨ ਪਹਿਲਾਂ ਲਾਪਤਾ ਵਿਦਿਆਰਥੀ ਦੇ ਪਿਤਾ ਨੇ ਨੋਇਡਾ ਪੁਲਿਸ ਨੂੰ ਸੂਚਨਾ ਦਿਤੀ ਸੀ ਕਿ ਉਨ੍ਹਾਂ ਦੇ ਬੇਟਾ ਪਾਕਿਸਤਾਨ ਦੀ ਜੇਲ ਵਿਚ ਬੰਦ ਹੈ।
ਉਨ੍ਹਾ ਦਸਿਆ ਕਿ ਕਸ਼ਮੀਰ ਦੇ ਰਹਿਣ ਵਾਲੇ ਕੁਝ ਲੋਕ ਪਾਕਿਸਤਾਨ ਦੀ ਇਕ ਜੇਲ ਵਿਚ ਬੰਦ ਸਨ। ਉਨ੍ਹਾ ਨੂੰ ਕੁਝ ਦਿਨ ਪਹਿਲਾਂ ਪਾਕਿਸਤਾਨ ਸਰਕਾਰ ਨੇ ਰਿਹਾ ਕੀਤਾ ਸੀ। ਉਥੋਂ ਰਿਹਾ ਹੋ ਕਿ ਆਏ ਇਕ ਵਿਅਕਤੀ ਨੇ ਵਿਦਿਆਰਥੀ ਦੇ ਪਰਵਾਰ ਨੂੰ ਸੂਚਨਾ ਦਿਤੀ ਕਿ ਉਹ ਪਾਕਿਸਤਾਨ ਦੀ ਜੇਲ ਵਿਚ ਬੰਦ ਹੈ। ਥਾਣਾ ਮੁਖੀ ਨੇ ਦਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਕਸ਼ਮੀਰੀ ਵਿਦਿਆਰਥੀ ਵਾਹਗਾ ਬਾਰਡਰ ਰਸਤੇ ਪਾਕਿਸਤਾਨ ਗਿਆ ਸੀ। ਉਨ੍ਹਾਂ ਦਸਿਆ ਕਿ ਹੁਣ ਇਹ ਪਤਾ ਲਗਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਉਹ ਕਾਨੂੰਨੀ ਤੌਰ 'ਤੇ ਪਾਕਿਸਤਾਨ ਗਿਆ ਸੀ ਜਾਂ ਗ਼ੈਰ-ਕਾਨੂੰਨੀ ਤਰੀਕੇ ਨਾਲ।